ਕੁਝ ਕਿਸਾਨ ਆਢੀਆਂ-ਗੁਆਂਢੀਆਂ ਜਾਂ ਡੀਲਰਾਂ ਦੇ ਕਹਿਣ ’ਤੇ ਸਲਫਰ ਅਤੇ ਜ਼ਿੰਕ ਆਦਿ ਪਾ ਕੇ ਪੀਲਾਪਣ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜਿਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਣਕ ਦੀ ਫ਼ਸਲ ਦਾ ਪੀਲਾਪਣ ਦੂਰ ਨਹੀਂ ਹੋ ਰਿਹਾ। ਇਸ ਕਾਰਨ ਕਿਸਾਨਾਂ ਅੰਦਰ ਬੇਚੈਨੀ ਵਧਣੀ ਸੁਭਾਵਿਕ ਹੋ ਜਾਂਦੀ ਹੈ। ਪੀਲਾਪਣ ਦੂਰ ਕਰਨ ਲਈ ਢੁਕਵਾਂ ਇਲਾਜ ਨਾ ਹੋਣ ਕਾਰਨ ਜਿੱਥੇ ਖੇਤੀ ਲਾਗਤ ਖ਼ਰਚੇ ਵਧਦੇ ਹਨ, ਉੱਥੇ ਫ਼ਸਲ ਦੀ ਪੈਦਾਵਾਰ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਕਣਕ ਦੀ ਫ਼ਸਲ ਦੇ ਪੀਲੇਪਣ ਦਾ ਸਹੀ ਕਾਰਨ ਲੱਭ ਕੇ ਸਹੀ ਇਲਾਜ ਕਰਨਾ ਬਹੁਤ ਜ਼ਰੂਰੀ ਹੈ।
ਵੱਧ ਪਾਣੀ ਲੱਗਣ, ਲਗਾਤਾਰ ਬੱਦਲਵਾਈ ਅਤੇ ਧੁੰਦ ਰਹਿਣ ਕਾਰਨ ਪੀਲਾਪਣ: ਕਣਕ ਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਕਿਆਰੇ ਘੱਟ ਗਿਣਤੀ ਵਿੱਚ ਪਾਏ ਜਾਂਦੇ ਹਨ, ਕਈ ਵਾਰ ਤਾਂ ਪ੍ਰਤੀ ਏਕੜ ਇੱਕ-ਦੋ ਕਿਆਰੇ ਹੀ ਪਾਏ ਜਾਂਦੇ ਹਨ। ਬਿਜਲੀ ਦੀ ਸਪਲਾਈ ਵੀ ਕਈ ਵਾਰ ਰਾਤ ਨੂੰ ਆਉਂਦੀ ਹੈ ਜਿਸ ਕਾਰਨ ਪਾਣੀ ਖੁੱਲ੍ਹਾ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਕਿਆਰੇ ਘੱਟ ਪੈਣ ਕਾਰਨ ਪਹਿਲਾ ਪਾਣੀ ਭਾਰੀ ਲੱਗ ਜਾਂਦਾ ਹੈ ਤੇ ਖੇਤ ਵੱਤਰ ਦੇਰ ਨਾਲ ਆਉਂਦਾ ਹੈ।
ਭਾਰੀਆਂ ਜ਼ਮੀਨਾਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਭਾਰੀ ਪਾਣੀ ਲੱਗਣ ਕਾਰਨ ਕਣਕ ਦੀ ਪਸਲ ਦੇ ਪੌਦਿਆਂ ਦੀ ਜੜ੍ਹ ਖੇਤਰ ਵਿਚਲੇ ਮਿੱਟੀ ਦੇ ਮੁਸਾਮ ਪਾਣੀ ਨਾਲ ਭਰ ਜਾਂਦੇ ਹਨ ਅਤੇ ਫ਼ਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਘੱਟ ਮਿਲਦੀ ਹੈ, ਨਤੀਜੇ ਵੱਜੋਂ ਫ਼ਸਲ ਦੇ ਮੁੱਢਲੇ ਵਾਧੇ ’ਤੇ ਮਾਵਾ ਪ੍ਰਭਾਵ ਪੈਂਦਾ ਹੈ ਅਤੇ ਫ਼ਸਲ ਬਹਿ ਜਾਂਦੀ ਹੈ।
ਲਗਾਤਾਰ ਬੱਦਲਵਾਈ ਤੇ ਧੁੰਦ ਰਹਿਣ ਕਾਰਨ ਅਤੇ ਧੁੱਪ ਨਾ ਨਿਕਲਣ ਕਰਕੇ ਵੀ ਫ਼ਸਲ ਦੇ ਪੌਦਿਆਂ ਦੀਆਂ ਨੋਕਾਂ ਪੀਲੀਆਂ ਪੈ ਜਾਂਦੀਆਂ ਕਿਉਂਕਿ ਲਗਾਤਾਰ ਧੁੱਪ ਨਾ ਚੜ੍ਹਨ ਕਰਕੇ ਪੌਦਾ ਆਪਣੀ ਖ਼ੁਰਾਕ ਨਹੀਂ ਬਣਾ ਸਕਦਾ। ਕਣਕ ਦੀ ਫ਼ਸਲ ਦਾ ਇਹ ਪੀਲਾਪਣ ਮੌਸਮ ਸਾਫ਼ ਹੋਣ ਅਤੇ ਖੇਤ ਵੱਤਰ ਆਉਣ ਤੋਂ ਬਾਅਦ ਆਪਣੇ-ਆਪ ਠੀਕ ਹੋ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕਣਕ ਨੂੰ ਪਾਣੀ ਹਮੇਸ਼ਾਂ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਲਾਉਣਾ ਚਾਹੀਦਾ। ਭਾਰੀਆਂ ਜ਼ਮੀਨਾਂ ਵਿੱਚ ਪ੍ਰਤੀ ਏਕੜ 8 ਅਤੇ ਹਲਕੀਆਂ ਜ਼ਮੀਨਾਂ ਵਿੱਚ ਘੱਟੋ-ਘੱਟ 16 ਕਿਆਰੇ ਪਾ ਕੇ ਪਾਣੀ ਲਾਉਣਾ ਚਾਹੀਦਾ।
ਮੈਂਗਨੀਜ਼ ਦੀ ਘਾਟ: ਕਣਕ ਵਿੱਚ ਮੈਂਗਨੀਜ਼ ਘਾਟ ਕਾਰਨ ਵੀ ਫ਼ਸਲ ਉੱਪਰ ਪੀਲਾਪਣ ਆ ਜਾਂਦਾ ਹੈ। ਇਹ ਪੀਲਾਪਣ ਵਿਚਕਾਰਲੇ ਪੱਤਿਆਂ ਉੱਪਰ ਆਉਂਦਾ ਹੈ ਅਤੇ ਪੱਤੇ ਵਿਚਕਾਰੋਂ ਪੀਲੇ ਪੈ ਜਾਂਦੇ ਹਨ, ਪਰ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ। ਪੀਲੇ ਪਏ ਹਿੱਸੇ ’ਤੇ ਸਲੇਟੀ-ਗੁਲਾਬੀ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਂਦੇ ਹਨ ਜੋ ਆਪਸ ਵਿੱਚ ਮਿਲ ਕੇ ਗੁਲਾਬੀ ਰੰਗ ਦੀਆਂ ਧਾਰੀਆਂ ਬਣਾ ਦਿੰਦੇ ਹਨ। ਮੈਂਗਨੀਜ਼ ਦੀ ਘਾਟ ਕਾਰਨ ਪੀਲੇਪਣ ਨੂੰ ਦੂਰ ਕਰਨ ਲਈ ਇੱਕ ਕਿਲੋ ਮੈਂਗਨੀਜ਼ ਸਲਫੇਟ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਧੁੱਪ ਵਾਲੇ ਦਿਨ ਤਿੰਨ-ਚਾਰ ਛਿੜਕਾਅ ਕਰ ਦੇਣੇ ਚਾਹੀਦੇ ਹਨ।
ਪੀਲੀ ਕੁੰਗੀ: ਪੀਲੀ ਕੁੰਗੀ ਦੇ ਪ੍ਰਭਾਵ ਕਾਰਨ ਵੀ ਫ਼ਸਲ ਪੀਲੀ ਨਜ਼ਰ ਆਉਂਦੀ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰ ਦੀਆਂ ਲੰਮੀਆਂ ਧਾਰੀਆਂ ਦੇ ਰੂਪ ’ਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਿਤ ਪੱਤੇ ਨੂੰ ਦੋ ਉਂਗਲਾਂ ਵਿੱਚ ਫੜਿਆ ਜਾਵੇ ਤਾਂ ਉਂਗਲਾਂ ’ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਇਹੀ ਇੱਕ ਅਜਿਹੀ ਨਿਸ਼ਾਨੀ ਹੈ ਜੋ ਕਣਕ ਦੀ ਪੀਲੀ ਕੁੰਗੀ ਕਾਰਨ ਪੀਲੇਪਣ ਨੂੰ ਉੱਪਰ ਦੱਸੇ ਕਾਰਨਾਂ ਕਰਕੇ ਪੀਲੇਪਣ ਤੋਂ ਵੱਖ ਕਰਦੀ ਹੈ। ਜਦੋਂ ਪੀਲੀ ਕੁੰਗੀ ਬਿਮਾਰੀ ਵਧ ਜਾਂਦੀ ਹੈ ਤਾਂ ਬਿਮਾਰੀ ਸਿੱਟਿਆਂ ’ਤੇ ਵੀ ਦਿਖਾਈ ਦਿੰਦੀ ਹੈ ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘਟ ਜਾਂਦਾ ਹੈ।
ਪੀਲੀ ਕੁੰਗੀ ਦੇ ਪੀਲੇ ਕਣ ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ’ਤੇ ਵੀ ਲੱਗ ਜਾਂਦੇ ਹਨ ਜੋ ਬਿਮਾਰੀ ਦੇ ਅਗਾਂਹ ਫੈਲਣ ਵਿੱਚ ਸਹਾਈ ਹੁੰਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦੋਂ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿਲੀਲਿਟਰ ਪ੍ਰੋਪੀਕੋਨਾਜ਼ੋਲ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਗੰਭੀਰ ਹਾਲਤਾਂ ਵਿੱਚ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ’ਤੇ ਕਰੋ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹਿ ਸਕੇ।
-ਡਾ. ਅਮਰੀਕ ਸਿੰਘ.